ਪੌਲ ਕ੍ਰਿਸਟੀਆਨੋ OpenAI Foundation ਦੇ ਬੋਰਡ ਵਿੱਚ ਸ਼ਾਮਲ

ਪੌਲ ਕ੍ਰਿਸਟੀਆਨੋ ਫਾਊਂਡੇਸ਼ਨ ਦੀ ਸਲਾਮਤੀ ਅਤੇ ਸੁਰੱਖਿਆ ਕਮੇਟੀ ਵਿੱਚ ਵੀ ਸ਼ਾਮਲ ਹੋਣਗੇ.

OpenAI Foundation ਵੱਲੋਂ

ਅਸੀਂ OpenAI Foundation ਦੇ ਬੋਰਡ ਵਿੱਚ ਪੌਲ ਕ੍ਰਿਸਟੀਆਨੋ ਦੀ ਨਿਯੁਕਤੀ ਦਾ ਐਲਾਨ ਕਰ ਰਹੇ ਹਾਂ. ਉਹ OpenAI Group PBC ਦੇ ਬੋਰਡ ਵਿੱਚ ਵੋਟ ਦੇ ਅਧਿਕਾਰ ਤੋਂ ਬਿਨਾਂ ਨਿਗਰਾਨ ਹੋਣਗੇ.

ਪੌਲ ਫਾਊਂਡੇਸ਼ਨ ਦੇ ਬੋਰਡ ਦੀ ਸਲਾਮਤੀ ਅਤੇ ਸੁਰੱਖਿਆ ਕਮੇਟੀ ਵਿੱਚ ਵੀ ਸ਼ਾਮਲ ਹੋਣਗੇ ਅਤੇ ਇਸ ਦੇ ਚੇਅਰ ਜ਼ੀਕੋ ਕੋਲਟਰ ਨਾਲ ਮਿਲ ਕੇ ਕੰਮ ਕਰਨਗੇ. ਸਲਾਮਤੀ ਅਤੇ ਸੁਰੱਖਿਆ ਕਮੇਟੀ, OpenAI Group PBC ਸਮੇਤ ਸਮੁੱਚੇ OpenAI ਵਿੱਚ ਸਲਾਮਤੀ ਅਤੇ ਸੁਰੱਖਿਆ ਦੇ ਅਮਲਾਂ ਦੀ ਨਿਗਰਾਨੀ ਅਤੇ ਦਿਸ਼ਾ-ਨਿਰਦੇਸ਼ਨ ਕਰਦੀ ਹੈ.

ਪੌਲ ਕੋਲ ਰਾਸ਼ਟਰੀ ਮਿਆਰ ਅਤੇ ਤਕਨਾਲੋਜੀ ਸੰਸਥਾਨ (ਨਿਸਟ) ਦੇ ਅਧੀਨ ਏਆਈ ਮਿਆਰ ਅਤੇ ਨਵੀਨਤਾ ਕੇਂਦਰ⁠ (ਕਾਇਸੀ) ਵਿੱਚ ਕੰਮ ਕਰਦਿਆਂ ਦੋ ਸਰਕਾਰਾਂ ਦੇ ਕਾਰਜਕਾਲਾਂ ਦਾ ਸਰਕਾਰੀ ਤਜਰਬਾ ਹੈ. ਨਿਸਟ ਅਮਰੀਕਾ ਦੇ ਵਣਜ ਵਿਭਾਗ ਦੀ ਇੱਕ ਏਜੰਸੀ ਹੈ, ਜਿੱਥੇ ਉਹ ਸੀਨੀਅਰ ਤਕਨੀਕੀ ਸਲਾਹਕਾਰ ਹਨ. ਕਾਇਸੀ ਅਤੇ ਇਸ ਦੀ ਪੂਰਵਵਰਤੀ ਸੰਸਥਾ, ਅਮਰੀਕੀ ਏਆਈ ਸਲਾਮਤੀ ਸੰਸਥਾਨ ਵਿੱਚ ਆਪਣੇ ਕਾਰਜਕਾਲ ਦੌਰਾਨ, ਪੌਲ ਨੇ ਅਤਿ-ਆਧੁਨਿਕ ਏਆਈ ਮਾਡਲਾਂ ਦਾ ਮੁਲਾਂਕਣ ਕਰਨ ’ਤੇ ਕੰਮ ਕੀਤਾ ਹੈ. ਇਸ ਵਿੱਚ ਰਾਸ਼ਟਰੀ ਸੁਰੱਖਿਆ ਨੂੰ ਪ੍ਰਭਾਵਿਤ ਕਰ ਸਕਣ ਵਾਲੀਆਂ ਸਮਰੱਥਾਵਾਂ ਦਾ ਮੁਲਾਂਕਣ ਅਤੇ ਉਨ੍ਹਾਂ ਨਾਲ ਜੁੜੇ ਸਲਾਮਤੀ ਅਤੇ ਸੁਰੱਖਿਆ ਦੇ ਜੋਖ਼ਮ ਘਟਾਉਣ ਦੇ ਤਰੀਕਿਆਂ ’ਤੇ ਕੰਮ ਸ਼ਾਮਲ ਹੈ.

ਪੌਲ ਇਕਸਾਰਤਾ ਖੋਜ ਕੇਂਦਰ⁠ (ਏਆਰਸੀ) ਦੇ ਸੰਸਥਾਪਕ ਵੀ ਹਨ. ਇਹ ਇੱਕ ਗੈਰ-ਮੁਨਾਫ਼ਾ ਖੋਜ ਸੰਸਥਾ ਹੈ ਜੋ ਉੱਨਤ ਏਆਈ ਪ੍ਰਣਾਲੀਆਂ ਨੂੰ ਮਨੁੱਖੀ ਹਿੱਤਾਂ ਨਾਲ ਇਕਸਾਰ ਕਰਨ ’ਤੇ ਕੇਂਦਰਿਤ ਹੈ. 2017 ਤੋਂ 2021 ਤੱਕ, ਪੌਲ ਨੇ OpenAI ਵਿੱਚ ਇਕਸਾਰਤਾ ਸੰਬੰਧੀ ਖੋਜ ਦੀ ਅਗਵਾਈ ਕੀਤੀ ਅਤੇ ਹਿਊਮਨ ਫੀਡਬੈਕ ਤੋਂ ਰੀਇਨਫੋਰਸਮੈਂਟ ਲਰਨਿੰਗ (RLHF) ਦੀ ਨੀਂਹ ਰੱਖਣ ਵਾਲੇ ਕੰਮ ਵਿੱਚ ਯੋਗਦਾਨ ਪਾਇਆ. ਇਸ ਨਵੀਂ ਭੂਮਿਕਾ ਵਿੱਚ, ਪੌਲ OpenAI ਦੇ ਮਿਸ਼ਨ ਲਈ ਅਹਿਮ ਪ੍ਰਬੰਧਕੀ ਫ਼ੈਸਲਿਆਂ ਵਿੱਚ ਇੱਕ ਵਿਲੱਖਣ ਅਤੇ ਤਕਨੀਕੀ ਸਮਝ ’ਤੇ ਆਧਾਰਿਤ ਨਜ਼ਰੀਆ ਲਿਆਉਂਦੇ ਹਨ.

ਪੌਲ ਨੇ ਏਆਈ ਨੂੰ ਮਨੁੱਖੀ ਹਿੱਤਾਂ ਨਾਲ ਇਕਸਾਰ ਕਰਨ ਦੇ ਖੇਤਰ ਨੂੰ ਆਕਾਰ ਦੇਣ ਵਿੱਚ ਯੋਗਦਾਨ ਪਾਇਆ ਹੈ. ਉਨ੍ਹਾਂ ਦਾ ਕੰਮ ਡੂੰਘੀ ਖੋਜ ’ਤੇ ਆਧਾਰਿਤ ਹੈ ਅਤੇ ਵੱਧ ਸਮਰੱਥ ਹੁੰਦੀਆਂ ਪ੍ਰਣਾਲੀਆਂ ਨਾਲ ਜੁੜੇ ਸਭ ਤੋਂ ਔਖੇ ਸਵਾਲਾਂ ’ਤੇ ਕੇਂਦਰਿਤ ਹੈ. ਜਿਵੇਂ-ਜਿਵੇਂ OpenAI ਅਤਿ-ਆਧੁਨਿਕ ਏਆਈ ਨੂੰ ਵਿਕਸਿਤ ਅਤੇ ਤੈਨਾਤ ਕਰਨਾ ਜਾਰੀ ਰੱਖਦਾ ਹੈ, ਅਤਿ-ਆਧੁਨਿਕ ਏਆਈ ਦੀ ਸਲਾਮਤੀ ਅਤੇ ਮਿਆਰਾਂ ਬਾਰੇ ਸਰਕਾਰ ਵਿੱਚ ਕੰਮ ਕਰਨ ਦਾ ਉਨ੍ਹਾਂ ਦਾ ਤਜਰਬਾ ਅਤੇ ਉਨ੍ਹਾਂ ਦੀ ਤਕਨੀਕੀ ਪਰਖ ਬੋਰਡ ਦੀ ਨਿਗਰਾਨੀ ਅਤੇ ਸਲਾਮਤੀ ਅਤੇ ਸੁਰੱਖਿਆ ਕਮੇਟੀ ਦੇ ਕੰਮ ਨੂੰ ਹੋਰ ਮਜ਼ਬੂਤ ਬਣਾਉਣਗੇ.
—ਬ੍ਰੈਟ ਟੇਲਰ, OpenAI Foundation ਅਤੇ OpenAI Group PBC ਦੇ ਬੋਰਡਾਂ ਦੇ ਚੇਅਰ
ਪਿਛਲੇ ਸਾਲ ਵਿੱਚ ਏਆਈ ਦੀਆਂ ਸਮਰੱਥਾਵਾਂ ਬਹੁਤ ਤੇਜ਼ੀ ਨਾਲ ਵਧੀਆਂ ਹਨ ਅਤੇ ਇਸ ਨੂੰ ਮਨੁੱਖੀ ਹਿੱਤਾਂ ਨਾਲ ਇਕਸਾਰ ਕਰਨਾ ਅਜੇ ਵੀ ਇੱਕ ਔਖੀ ਤਕਨੀਕੀ ਸਮੱਸਿਆ ਹੈ. ਇਸ ਕਰਕੇ ਸਲਾਮਤੀ ਅਤੇ ਸੁਰੱਖਿਆ ਕਮੇਟੀ ਦੀ ਜ਼ਿੰਮੇਵਾਰੀ ਪਹਿਲਾਂ ਨਾਲੋਂ ਕਿਤੇ ਵੱਧ ਅਹਿਮ ਅਤੇ ਚੁਣੌਤੀਪੂਰਨ ਹੋ ਗਈ ਹੈ. ਇਸ ਕੰਮ ਵਿੱਚ ਮਦਦ ਕਰਨ ਲਈ ਟੀਮ ਵਿੱਚ ਸ਼ਾਮਲ ਹੋਣ ’ਤੇ ਮੈਂ ਉਤਸ਼ਾਹਿਤ ਹਾਂ.
—ਪੌਲ ਕ੍ਰਿਸਟੀਆਨੋ

ਏਆਈ ਦੀਆਂ ਸਮਰੱਥਾਵਾਂ ਇੱਕ ਨਵੇਂ ਯੁੱਗ ਵਿੱਚ ਦਾਖ਼ਲ ਹੋ ਰਹੀਆਂ ਹਨ. ਇਸ ਲਈ ਇਹ ਹੋਰ ਵੀ ਜ਼ਰੂਰੀ ਹੁੰਦਾ ਜਾ ਰਿਹਾ ਹੈ ਕਿ ਇਨ੍ਹਾਂ ਪ੍ਰਣਾਲੀਆਂ ਦੀ ਤਰੱਕੀ ਦੇ ਨਾਲ-ਨਾਲ ਮਜ਼ਬੂਤ ਸਲਾਮਤੀ, ਸੁਰੱਖਿਆ, ਮਨੁੱਖੀ ਹਿੱਤਾਂ ਨਾਲ ਇਕਸਾਰਤਾ ਅਤੇ ਸੁਚੱਜਾ ਪ੍ਰਬੰਧ ਵੀ ਯਕੀਨੀ ਬਣਾਇਆ ਜਾਵੇ. ਏਆਈ ਦੀ ਇਕਸਾਰਤਾ ਬਾਰੇ ਖੋਜ ਦੇ ਆਪਣੇ ਪੂਰੇ ਕਰੀਅਰ ਦੌਰਾਨ, ਪੌਲ ਨੇ ਇਸ ਸੰਭਾਵਨਾ ਨੂੰ ਗੰਭੀਰਤਾ ਨਾਲ ਲਿਆ ਹੈ ਕਿ ਉੱਨਤ ਏਆਈ ਵਿਨਾਸ਼ਕਾਰੀ ਜੋਖ਼ਮ ਪੈਦਾ ਕਰ ਸਕਦੀ ਹੈ ਅਤੇ ਪ੍ਰਣਾਲੀਆਂ ਦੇ ਹੋਰ ਖ਼ਤਰਨਾਕ ਸਮਰੱਥਾ ਪੱਧਰਾਂ ਤੱਕ ਪਹੁੰਚਣ ਤੋਂ ਪਹਿਲਾਂ ਹੀ ਵਿਕਾਸਕਾਰਾਂ ਨੂੰ ਤਿਆਰੀ ਕਰਨੀ ਚਾਹੀਦੀ ਹੈ. ਉਹ ਇਸ ਸਵਾਲ ’ਤੇ ਆਪਣੀ ਸੁਤੰਤਰ ਰਾਇ ਰੱਖਦੇ ਆਏ ਹਨ ਕਿ ਕੀ ਉਦਯੋਗ ਦੇ ਸੁਰੱਖਿਆ ਉਪਾਅ ਕਾਫ਼ੀ ਹਨ. ਸਾਡਾ ਮੰਨਣਾ ਹੈ ਕਿ ਫਾਊਂਡੇਸ਼ਨ ਦਾ ਪ੍ਰਬੰਧ ਉਨ੍ਹਾਂ ਲੋਕਾਂ ਦੀ ਸ਼ਮੂਲੀਅਤ ਨਾਲ ਹੋਰ ਮਜ਼ਬੂਤ ਹੁੰਦਾ ਹੈ ਜੋ ਪ੍ਰਚਲਿਤ ਧਾਰਨਾਵਾਂ ਨੂੰ ਚੁਣੌਤੀ ਦੇਣ ਲਈ ਤਿਆਰ ਹੋਣ ਅਤੇ ਅਹਿਮ ਫ਼ੈਸਲਿਆਂ ਦੇ ਆਧਾਰ ਬਣਨ ਵਾਲੇ ਸਬੂਤਾਂ, ਸੁਰੱਖਿਆ ਉਪਾਵਾਂ ਅਤੇ ਜਵਾਬਦੇਹੀ ਨੂੰ ਮਜ਼ਬੂਤ ਕਰਨ ਵਿੱਚ ਮਦਦ ਕਰਨ.

ਪੌਲ ਦੀ ਨਿਯੁਕਤੀ ਅਕਤੂਬਰ 2025 ਵਿੱਚ OpenAI ਦੀ ਪੂੰਜੀ ਦੇ ਪੁਨਰਗਠਨ ਰਾਹੀਂ ਸਥਾਪਿਤ ਪ੍ਰਬੰਧਕੀ ਢਾਂਚੇ⁠ ਨੂੰ ਹੋਰ ਮਜ਼ਬੂਤ ਕਰਦੀ ਹੈ. ਇਸ ਵਿੱਚ ਕੈਲੀਫ਼ੋਰਨੀਆ ਦੇ ਅਟਾਰਨੀ ਜਨਰਲ⁠ ਅਤੇ ਡੈਲਾਵੇਅਰ ਦੇ ਅਟਾਰਨੀ ਜਨਰਲ⁠ ਵੱਲੋਂ ਇੱਕ ਸਾਲ ਦੌਰਾਨ ਕੀਤੀਆਂ ਸਮੀਖਿਆਵਾਂ ਦੇ ਸੰਬੰਧ ਵਿੱਚ ਦਿੱਤੀਆਂ ਵਚਨਬੱਧਤਾਵਾਂ ਵੀ ਸ਼ਾਮਲ ਹਨ. ਉਨ੍ਹਾਂ ਦੀ ਸ਼ਮੂਲੀਅਤ ਨੇ ਪ੍ਰਬੰਧਕੀ ਢਾਂਚੇ ਨੂੰ ਮਜ਼ਬੂਤ ਕਰਨ ਵਿੱਚ ਮਦਦ ਕੀਤੀ.

OpenAI Foundation ਬਾਰੇ

OpenAI Foundation ਇੱਕ ਲੋਕ-ਭਲਾਈ ਸੰਸਥਾ ਹੈ ਜੋ ਇਹ ਯਕੀਨੀ ਬਣਾਉਣ ਲਈ ਸਮਰਪਿਤ ਹੈ ਕਿ ਏਆਈ ਦਾ ਲਾਭ ਸਮੁੱਚੀ ਮਨੁੱਖਤਾ ਨੂੰ ਮਿਲੇ. ਇੱਕ ਵੱਖਰੀ ਗੈਰ-ਮੁਨਾਫ਼ਾ ਸੰਸਥਾ ਵਜੋਂ, ਫਾਊਂਡੇਸ਼ਨ ਆਪਣੇ ਲੋਕ-ਭਲਾਈ ਕਾਰਜ ਚਲਾਉਂਦੀ ਹੈ ਅਤੇ ਨਾਲ ਹੀ OpenAI Group PBC ’ਤੇ ਆਪਣਾ ਨਿਯੰਤਰਣ ਅਤੇ ਇਸ ਵਿੱਚ ਵੱਡੀ ਮਾਲਕੀ ਹਿੱਸੇਦਾਰੀ⁠ ਕਾਇਮ ਰੱਖਦੀ ਹੈ. ਫਾਊਂਡੇਸ਼ਨ ਉਨ੍ਹਾਂ ਪਹਿਲਕਦਮੀਆਂ ਦਾ ਸਮਰਥਨ ਕਰਦੀ ਹੈ ਜੋ ਏਆਈ ਦੀ ਜ਼ਿੰਮੇਵਾਰ ਵਰਤੋਂ ਰਾਹੀਂ ਵਿਗਿਆਨਕ ਖੋਜਾਂ ਨੂੰ ਅੱਗੇ ਵਧਾਉਂਦੀਆਂ ਹਨ, ਨਾਗਰਿਕ ਸਮਾਜ ਨੂੰ ਮਜ਼ਬੂਤ ਕਰਦੀਆਂ ਹਨ ਅਤੇ ਮੁਸ਼ਕਲਾਂ ਦਾ ਸਾਹਮਣਾ ਕਰਨ ਦੀ ਸਮਰੱਥਾ ਵਧਾਉਂਦੀਆਂ ਹਨ. ਗ੍ਰਾਂਟਾਂ, ਭਾਈਵਾਲੀਆਂ ਅਤੇ ਹੋਰ ਪਰਉਪਕਾਰੀ ਪਹਿਲਕਦਮੀਆਂ ਰਾਹੀਂ, ਫਾਊਂਡੇਸ਼ਨ ਅਜਿਹੇ ਕੰਮ ਨੂੰ ਤੇਜ਼ ਕਰਨ ਵਿੱਚ ਮਦਦ ਕਰਦੀ ਹੈ ਜੋ ਲੋਕਾਂ ਲਈ ਚਿਰਸਥਾਈ ਲਾਭ ਪੈਦਾ ਕਰੇ ਅਤੇ ਏਆਈ ਦੀ ਬਦਲਾਅ ਲਿਆਉਣ ਦੀ ਸਮਰੱਥਾ ਤੱਕ ਵੱਧ ਲੋਕਾਂ ਦੀ ਪਹੁੰਚ ਬਣਾਵੇ.

ਫਾਊਂਡੇਸ਼ਨ ਦਾ OpenAI Group PBC ’ਤੇ ਨਿਯੰਤਰਣ ਹੈ ਅਤੇ ਸਲਾਮਤੀ ਅਤੇ ਸੁਰੱਖਿਆ ਕਮੇਟੀ ਫਾਊਂਡੇਸ਼ਨ ਦੇ ਬੋਰਡ ਦੀ ਇੱਕ ਕਮੇਟੀ ਹੈ. www.openaifoundation.org⁠⁠ ’ਤੇ ਹੋਰ ਜਾਣੋ.

*ਸੀਨੀਅਰ ਤਕਨੀਕੀ ਸਲਾਹਕਾਰ ਵਜੋਂ, ਪੌਲ OpenAI ਨਾਲ ਸੰਬੰਧਿਤ ਸਾਰੇ ਮਾਮਲਿਆਂ ਅਤੇ ਮਾਡਲਾਂ ਦੇ ਸਾਰੇ ਮੁਲਾਂਕਣਾਂ ਤੋਂ ਆਪਣੇ ਆਪ ਨੂੰ ਵੱਖ ਰੱਖਣਗੇ.