AI ਦੇ ਯੁੱਗ ਵਿੱਚ ਆਰਥਿਕ ਭਵਿੱਖ

OpenAI ਫਾਊਂਡੇਸ਼ਨ ਸੁਰੱਖਿਅਤ ਅਤੇ ਭਰਪੂਰ ਆਰਥਿਕ ਭਵਿੱਖ ਬਣਾਉਣ ਲਈ ਸ਼ੁਰੂਆਤੀ $250M ਦੀ ਵਚਨਬੱਧਤਾ ਕਰ ਰਹੀ ਹੈ।

Divya Siddarth ਅਤੇ Wojciech Zaremba ਵੱਲੋਂ

OpenAI ਫਾਊਂਡੇਸ਼ਨ ਸੁਰੱਖਿਅਤ ਅਤੇ ਖੁਸ਼ਹਾਲ ਆਰਥਿਕ ਭਵਿੱਖ ਦੇ ਨਿਰਮਾਣ ਦੇ ਉਦੇਸ਼ ਨਾਲ ਗ੍ਰਾਂਟਾਂ, ਭਾਗੀਦਾਰੀਆਂ ਅਤੇ ਸਿੱਧੇ ਕੰਮਾਂ ਲਈ ਸ਼ੁਰੂਆਤੀ $250M ਦੀ ਵਚਨਬੱਧਤਾ ਦੇ ਰਿਹਾ ਹੈ।

ਆਰਥਿਕ ਪ੍ਰਣਾਲੀਆਂ, ਸਿਧਾਂਤਕ ਤੌਰ ’ਤੇ, ਲੋਕਾਂ ਨੂੰ ਸੁਰੱਖਿਆ, ਖੁਦਮੁਖਤਿਆਰੀ ਅਤੇ ਉਦੇਸ਼ਪੂਰਨ ਜੀਵਨ ਬਣਾਉਣ ਦੀ ਸਮਰੱਥਾ ਦੇਣ ਲਈ ਮੌਜੂਦ ਹੁੰਦੀਆਂ ਹਨ। ਉਹ ਅਕਸਰ ਉਮੀਦਾਂ 'ਤੇ ਖਰੀਆਂ ਨਹੀਂ ਉਤਰਦੀਆਂ। AI ਪਹਿਲਾਂ ਤੋਂ ਦੁਰਲੱਭ ਸਮਰੱਥਾਵਾਂ ਨੂੰ ਬਹੁਤ ਵਿਆਪਕ ਤੌਰ 'ਤੇ ਉਪਲਬਧ ਕਰਵਾ ਕੇ ਵੱਡੇ ਆਰਥਿਕ ਬਦਲਾਅ ਲਿਆਉਣ ਜਾ ਰਹੀ ਹੈ, ਅਤੇ ਇਸ ਗੱਲ ਨੂੰ ਲੈ ਕੇ ਡੂੰਘੀ ਅਨਿਸ਼ਚਿਤਤਾ ਹੈ ਕਿ ਇਹ ਬਦਲਾਅ ਕਿੰਨੀ ਦੂਰ ਜਾਣਗੇ ਅਤੇ ਕਿੰਨੀ ਤੇਜ਼ੀ ਨਾਲ ਹੋਣਗੇ। ਸੰਭਾਵਨਾਵਾਂ ਦੀ ਇਹ ਵਿਆਪਕਤਾ ਮੌਜੂਦਾ ਅਤੇ ਭਵਿੱਖ ਵਿੱਚ ਲੋਕਾਂ ਲਈ ਬਿਹਤਰ ਜੀਵਨ ਨੂੰ ਸਮਰੱਥ ਬਣਾਉਣ ਵਾਲੀਆਂ ਪ੍ਰਣਾਲੀਆਂ ਦਾ ਨਿਰਮਾਣ ਕਰਨ ਦਾ ਇੱਕ ਅਸਧਾਰਨ ਮੌਕਾ ਪ੍ਰਦਾਨ ਕਰਦੀ ਹੈ। ਪਰ ਬਦਲਾਅ ਦੀ ਮੌਜੂਦਾ ਰਫ਼ਤਾਰ ਦਾ ਮਤਲਬ ਇਹ ਹੈ ਕਿ ਇਸ ਨੂੰ ਸਹੀ ਢੰਗ ਨਾਲ ਕਰਨ ਦਾ ਸਮਾਂ ਸਾਡੀ ਆਦਤ ਨਾਲੋਂ ਬਹੁਤ ਘੱਟ ਹੈ, ਅਤੇ ਇਸ ਨੂੰ ਗਲਤ ਕਰਨ ਦੀ ਕੀਮਤ ਬਹੁਤ ਵੱਡੀ ਹੈ। 

ਭਵਿੱਖ ਦੀ ਤਿਆਰੀ ਲਈ ਸਾਨੂੰ ਇਹ ਬਿਲਕੁਲ ਸਹੀ-ਸਹੀ ਜਾਣਨ ਦੀ ਲੋੜ ਨਹੀਂ ਹੈ ਕਿ ਇਹ ਕਿਵੇਂ ਸਾਹਮਣੇ ਆਵੇਗਾ। ਇਸ ਪ੍ਰੋਗਰਾਮ ਦਾ ਉਦੇਸ਼ ਉਨ੍ਹਾਂ ਠੋਸ ਸੰਸਥਾਗਤ ਵਿਕਲਪਾਂ ਨੂੰ ਸੰਸਾਧਨ ਪ੍ਰਦਾਨ ਕਰਨ ਵਿੱਚ ਮਦਦ ਕਰਨਾ ਹੈ ਜਿਨ੍ਹਾਂ ਦੀ ਪਰਖ, ਸੰਚਾਲਨ, ਸੋਧ ਅਤੇ ਵਿਸਤਾਰ ਕੀਤਾ ਜਾ ਸਕੇ। ਅਸੀਂ ਤਿੰਨ ਖੇਤਰਾਂ ਵਿੱਚ ਕੰਮ ਕਰਾਂਗੇ:

  1. ਬਦਲਾਅ ਨੂੰ ਸਮਝਣਾ: ਅਰਥਵਿਵਸਥਾ 'ਤੇ AI ਦੇ ਪ੍ਰਭਾਵਾਂ ਦੀ ਹੋਰ ਸਪਸ਼ਟ ਤਸਵੀਰ ਬਣਾਉਣ ਲਈ ਸੁਤੰਤਰ ਮਾਪਦੰਡਾਂ ਅਤੇ ਪੂਰਵ-ਅਨੁਮਾਨ ਬੁਨਿਆਦੀ ਢਾਂਚੇ ਵਿੱਚ ਨਿਵੇਸ਼ ਕਰਨਾ।

  2. ਤਬਦੀਲੀ ਦਾ ਸਮਰਥਨ: ਨੇੜਲੇ ਭਵਿੱਖ ਦੀ ਉਥਲ-ਪੁਥਲ ਦੌਰਾਨ ਕਾਮਿਆਂ ਅਤੇ ਭਾਈਚਾਰਿਆਂ ਨੂੰ ਸੰਸਾਧਨ ਪ੍ਰਦਾਨ ਕਰਨਾ।

  3. ਆਰਥਿਕ ਸੁਰੱਖਿਆ ਦਾ ਨਿਰਮਾਣ: AI ਤੋਂ ਬਾਅਦ ਦੀਆਂ ਰਾਜਨੀਤਿਕ ਅਰਥਵਿਵਸਥਾਵਾਂ ਨੂੰ ਸੰਗਠਿਤ ਕਰਨ ਲਈ ਨਵੇਂ ਤਰੀਕਿਆਂ ਦਾ ਸਮਰਥਨ ਕਰਨਾ ਅਤੇ ਦੁਨੀਆ ਭਰ ਦੇ ਲੋਕਾਂ ਲਈ ਆਰਥਿਕ ਲਾਭਾਂ ਨੂੰ ਵਿਆਪਕ ਤੌਰ ‘ਤੇ ਸਾਂਝਾ ਕਰਨਾ।

AI ਦੇ ਆਰਥਿਕ ਪ੍ਰਭਾਵ ਵਿਆਪਕ ਤੌਰ 'ਤੇ ਮਹਿਸੂਸ ਕੀਤੇ ਜਾਣਗੇ, ਅਤੇ ਲੋਕਾਂ ਦੇ ਤਜਰਬੇ ਸਾਡੀ ਸੋਚ ਲਈ ਇੱਕ ਅਤਿ ਜ਼ਰੂਰੀ ਇਨਪੁੱਟ ਹਨ। ਇਸ ਪੋਸਟ ਦੇ ਨਾਲ-ਨਾਲ, ਅਸੀਂ ਲੋਕਾਂ ਨੂੰ ਸੱਦਾ ਦੇ ਰਹੇ ਹਾਂ ਕਿ ਉਹ ਆਪਣੇ ਕੰਮ, ਭਾਈਚਾਰਿਆਂ ਅਤੇ ਆਰਥਿਕ ਜੀਵਨ ਵਿੱਚ ਜੋ ਕੁਝ ਦੇਖ ਰਹੇ ਹਨ, ਉਹ ਸਾਂਝਾ ਕਰਨਗੇ। ਉਹ ਦ੍ਰਿਸ਼ਟੀਕੋਣ ਸਾਨੂੰ ਇਹ ਸਮਝਣ ਵਿੱਚ ਮਦਦ ਕਰਨਗੇ ਕਿ ਰਸਮੀ ਅਨੁਸੰਧਾਨ ਸ਼ਾਇਦ ਕੀ ਅਣਡਿੱਠਾ ਕਰ ਸਕਦੀ ਹੈ। ਫਾਊਂਡੇਸ਼ਨ ਦੇ ਕੰਮ ਦੇ ਵਿਕਸਿਤ ਹੋਣ ਦੇ ਨਾਲ-ਨਾਲ, ਸਮੂਹਿਕ ਸੁਝਾਵਾਂ ਲਈ ਵਧੇਰੇ ਵਿਆਪਕ ਮਾਧਿਅਮ ਤਿਆਰ ਕਰਨ ਦੀ ਦਿਸ਼ਾ ਵਿੱਚ ਇਹ ਇੱਕ ਸ਼ੁਰੂਆਤੀ ਕਦਮ ਹੈ।

ਬਦਲਾਅ ਨੂੰ ਸਮਝਣਾ

ਸਾਡੇ ਕੋਲ ਅਜੇ ਵੀ ਇਸ ਬਾਰੇ ਬੁਨਿਆਦੀ ਸਵਾਲਾਂ ਦੇ ਜਵਾਬ ਦੇਣ ਦੇ ਚੰਗੇ ਤਰੀਕੇ ਨਹੀਂ ਹਨ ਕਿ AI ਅਰਥਵਿਵਸਥਾ ਨੂੰ ਕਿਵੇਂ ਬਦਲ ਰਹੀ ਹੈ ਅਤੇ ਭਵਿੱਖ ਵਿੱਚ ਕਿਵੇਂ ਬਦਲੇਗੀ। ਆਰਥਿਕ ਬਦਲਾਅ ਨੂੰ ਮਾਪਣ ਅਤੇ ਉਸ ਦੀ ਵਿਆਖਿਆ ਕਰਨ ਲਈ ਸਮਾਜ ਜਿਨ੍ਹਾਂ ਪ੍ਰਣਾਲੀਆਂ 'ਤੇ ਨਿਰਭਰ ਕਰਦਾ ਹੈ, ਉਹ ਕਿਸੇ ਹੋਰ ਯੁੱਗ ਲਈ ਬਣਾਈਆਂ ਗਈਆਂ ਸਨ। ਸਾਡਾ ਟੀਚਾ ਅੱਗੇ ਜੋ ਆਉਣਾ ਹੈ, ਉਸਨੂੰ ਬਣਾਉਣ ਵਿੱਚ ਮਦਦ ਕਰਨਾ ਹੈ।

ਇੱਕ ਕੇਂਦਰੀ ਸਵਾਲ ਸਿਰਫ਼ ਇਹ ਨਹੀਂ ਹੈ ਕਿ AI ਕੀ ਕਰ ਸਕਦੀ ਹੈ, ਸਗੋਂ ਇਹ ਵੀ ਹੈ ਕਿ ਉਸ ਦਾ ਲਾਭ ਕਿੱਥੇ ਪਹੁੰਚਦਾ ਹੈ: ਮਜ਼ਦੂਰਾਂ ਨੂੰ ਮਜ਼ਦੂਰੀ ਰਾਹੀਂ, ਕੰਪਨੀਆਂ ਨੂੰ ਮੁਨਾਫ਼ੇ ਦੇ ਮਾਰਜਿਨ ਰਾਹੀਂ, ਖਪਤਕਾਰਾਂ ਨੂੰ ਘੱਟ ਕੀਮਤਾਂ ਅਤੇ ਬਿਹਤਰ ਸੇਵਾਵਾਂ ਰਾਹੀਂ, ਸਰਕਾਰਾਂ ਨੂੰ ਕਰ-ਆਧਾਰ ਰਾਹੀਂ, ਜਾਂ ਪੂੰਜੀ ਦੇ ਮਾਲਕਾਂ ਨੂੰ ਰੈਂਟਾਂ ਰਾਹੀਂ। ਉਦਾਹਰਨ ਲਈ, ਜੇਕਰ AI ਵੱਧ ਤਨਖਾਹਾਂ ਦੀ ਬਜਾਏ ਡਿਜੀਟਲ ਵਸਤੂਆਂ ਦੇ ਰੂਪ ਵਿੱਚ ਮਹੱਤਵ ਪੈਦਾ ਕਰਦੀ ਹੈ, ਤਾਂ ਆਮਦਨ ਦੇ ਅੰਕੜੇ ਇਸ ਨੂੰ ਦਰਜ ਨਹੀਂ ਕਰ ਸਕਣਗੇ। ਜੇਕਰ ਮਜ਼ਦੂਰੀ ਦਾ ਹਿੱਸਾ ਘਟਦਾ ਹੈ, ਤਾਂ ਮਜ਼ਦੂਰਾਂ ਦੀ ਸੌਦੇਬਾਜ਼ੀ ਕਰਨ ਦੀ ਸਮਰੱਥਾ ਘਟ ਸਕਦੀ ਹੈ ਅਤੇ GDP ਭਲਾਈ ਲਈ ਘੱਟ ਭਰੋਸੇਯੋਗ ਪ੍ਰਤੀਨਿਧੀ ਮਾਪਦੰਡ ਬਣ ਸਕਦੀ ਹੈ। ਸਾਨੂੰ ਅਜਿਹੇ ਮਾਪਦੰਡ ਦੀ ਲੋੜ ਹੈ ਜੋ ਇਹ ਪਤਾ ਲਗਾਏ ਕਿ ਲੋਕ ਅਸਲ ਵਿੱਚ ਕੀ ਕਰ ਸਕਦੇ ਹਨ ਅਤੇ ਕਿਸ ਤੱਕ ਪਹੁੰਚ ਪ੍ਰਾਪਤ ਕਰ ਸਕਦੇ ਹਨ, ਨਾ ਕਿ ਸਿਰਫ਼ ਉਹ ਕਿੰਨਾ ਕਮਾਉਂਦੇ ਹਨ।

AI ਦੇ ਆਰਥਿਕ ਪ੍ਰਭਾਵਾਂ ਦਾ ਅਧਿਐਨ ਕਰਨ ਦੇ ਕਈ ਮੌਜੂਦਾ ਤਰੀਕੇ ਇਸ ਗੱਲ 'ਤੇ ਕੇਂਦ੍ਰਿਤ ਹਨ ਕਿ ਕਿਹੜੇ ਕੰਮਾਂ ਨੂੰ ਸਵੈਚਾਲਿਤ ਕੀਤਾ ਜਾ ਸਕਦਾ ਹੈ। ਇਹ ਉਪਯੋਗੀ ਹੈ, ਪਰ ਅਧੂਰਾ ਹੈ। AI ਦੇ ਆਰਥਿਕ ਪ੍ਰਭਾਵ ਇਸ ਗੱਲ 'ਤੇ ਨਿਰਭਰ ਕਰਨਗੇ ਕਿ ਵੱਖ-ਵੱਖ ਕੰਮਾਂ ਨੂੰ ਨੌਕਰੀਆਂ ਵਿੱਚ ਕਿਸ ਤਰ੍ਹਾਂ ਜੋੜਿਆ ਜਾਂਦਾ ਹੈ, ਕੀ ਆਟੋਮੇਸ਼ਨ ਮਨੁੱਖੀ ਕਿਰਤ ਨੂੰ ਵਿਸਥਾਪਿਤ ਕਰਦੀ ਹੈ ਜਾਂ ਕਿਰਤ ਦੇ ਪੂਰਕ ਨਵੇਂ ਰੋਲ ਪੈਦਾ ਕਰਦੀ ਹੈ, ਮਾਡਲ ਦੀਆਂ ਸਮਰੱਥਾਵਾਂ ਵਿੱਚ ਸੁਧਾਰ ਹੋਣ ਨਾਲ ਕੰਮਾਂ ਦੀ ਵੰਡ ਕਿਵੇਂ ਬਦਲਦੀ ਹੈ, ਅਤੇ ਕੰਪਨੀਆਂ ਤੇ ਸਰਕਾਰਾਂ ਇਹਨਾਂ ਤਬਦੀਲੀਆਂ ਦੇ ਆਲੇ-ਦੁਆਲੇ ਖੁਦ ਨੂੰ ਕਿਵੇਂ ਮੁੜ-ਸੰਗਠਿਤ ਕਰਦੀਆਂ ਹਨ। ਇਹਨਾਂ ਤਬਦੀਲੀਆਂ ਨੂੰ ਸਮਝਣ ਲਈ ਦੁਨੀਆ ਭਰ ਵਿੱਚ ਬਿਹਤਰ ਲੇਬਰ ਮਾਰਕੀਟ ਜਨਤਕ ਬੁਨਿਆਦੀ ਢਾਂਚੇ ਦੀ ਲੋੜ ਹੈ: ਰੁਜ਼ਗਾਰ, ਉਜਰਤਾਂ, ਤਬਦੀਲੀਆਂ ਅਤੇ ਕੰਪਨੀਆਂ ਦੇ ਵਿਵਹਾਰ ਨੂੰ ਮਾਪਣ ਲਈ BLS-ਵਰਗੀ ਸਮਰੱਥਾ ਦੇ ਨਾਲ-ਨਾਲ ਕੰਮ ਦੀ ਮੈਪਿੰਗ ਲਈ ਆਧੁਨਿਕ O*NET-ਵਰਗੀਆਂ ਪ੍ਰਣਾਲੀਆਂ ਦੀ ਲੋੜ ਹੈ। ਇਹ ਪ੍ਰਣਾਲੀਆਂ ਵਿਸ਼ਵ ਪੱਧਰ 'ਤੇ ਢੁਕਵੀਂਆਂ ਹੋਣੀਆਂ ਚਾਹੀਦੀਆਂ ਹਨ ਅਤੇ ਜਿੱਥੇ ਉਚਿਤ ਹੋਵੇ, ਇਹਨਾਂ ਨੂੰ ਜਨਸੰਖਿਆ, ਭੂਗੋਲਿਕ, ਕਰੀਅਰ ਦੇ ਪੜਾਅ ਅਤੇ ਨੌਕਰੀ ਦੇ ਪੱਧਰ ਦੀ ਜਾਣਕਾਰੀ ਨਾਲ ਜੋੜਿਆ ਜਾਣਾ ਚਾਹੀਦਾ ਹੈ।

ਹਰ ਦੇਸ਼ AI ਤਬਦੀਲੀ ਨੂੰ ਵੱਖਰੇ ਢੰਗ ਨਾਲ ਅਨੁਭਵ ਕਰੇਗਾ। ਸਥਾਨਕ ਅਰਥਵਿਵਸਥਾਵਾਂ ’ਤੇ AI ਦੇ ਪ੍ਰਭਾਵਾਂ ਨੂੰ ਸਿੱਧੇ ਤੌਰ ’ਤੇ ਮਾਪਣ ਤੋਂ ਇਲਾਵਾ, ਅਸੀਂ ਇਹ ਸਮਝਣ ਲਈ ਆਰਥਿਕ ਮੁਲਾਂਕਣਾਂ ਨੂੰ ਵੀ ਫੰਡ ਦੇਵਾਂਗੇ ਕਿ ਵੱਖ-ਵੱਖ ਸੰਦਰਭਾਂ ਵਿੱਚ AI ਲੋਕਾਂ ਦੀ ਕਿਵੇਂ ਮਦਦ ਕਰ ਸਕਦੀ ਹੈ। ਇਹ ਘੱਟ ਅਤੇ ਦਰਮਿਆਨੀ ਆਮਦਨ ਵਾਲੇ ਦੇਸ਼ਾਂ ਵਿੱਚ ਖ਼ਾਸ ਤੌਰ ’ਤੇ ਤੁਰੰਤ ਮਹੱਤਵਪੂਰਨ ਹੈ, ਜਿੱਥੇ AI ਤੇਜ਼ੀ ਨਾਲ ਸਮਰੱਥਾਵਾਂ ਦਾ ਵਿਸਤਾਰ ਕਰ ਸਕਦੀ ਹੈ, ਜਨਤਕ ਭਲਾਈ ਦੇ ਸਾਧਨਾਂ ਨੂੰ ਮਜ਼ਬੂਤ ਕਰ ਸਕਦੀ ਹੈ, ਅਤੇ ਆਰਥਿਕ ਗਤੀਸ਼ੀਲਤਾ ਵਿੱਚ ਯੋਗਦਾਨ ਪਾ ਸਕਦੀ ਹੈ। ਅਸੀਂ ਉਹਨਾਂ ਤਰੀਕਿਆਂ ਵਿੱਚ ਦਿਲਚਸਪੀ ਰੱਖਦੇ ਹਾਂ ਜੋ AI ਨੂੰ ਦੇਸ਼ਾਂ ਦੀਆਂ ਆਪਣੀਆਂ ਸ਼ਰਤਾਂ ਅਨੁਸਾਰ ਉਪਯੋਗੀ ਬਣਾਉਣ ਲਈ ਖੇਤਰ-ਵਿਸ਼ੇਸ਼ ਬੁਨਿਆਦੀ ਢਾਂਚੇ, ਸਥਾਨਕ ਸੰਸਥਾਵਾਂ ਅਤੇ ਪ੍ਰਸਾਰ ਮਾਡਲਾਂ ਦੇ ਨਿਰਮਾਣ ਲਈ ਮਾਰਗਦਰਸ਼ਨ ਦੇ ਸਕਦੇ ਹਨ।

ਤਬਦੀਲੀ ਦਾ ਸਮਰਥਨ ਕਰਨਾ

ਆਰਥਿਕ ਤਬਦੀਲੀਆਂ ਨੂੰ ਪੂਰੀ ਤਰ੍ਹਾਂ ਸਮਝਣ ਤੋਂ ਪਹਿਲਾਂ ਹੀ ਉਨ੍ਹਾਂ ਦਾ ਅਨੁਭਵ ਕੀਤਾ ਜਾਂਦਾ ਹੈ। ਸਾਡਾ ਉਦੇਸ਼ ਅਜਿਹੇ ਤਰੀਕਿਆਂ ਨੂੰ ਫੰਡ ਦੇਣਾ ਹੈ ਜੋ ਮੌਜੂਦਾ ਸਮੇਂ ਵਿੱਚ ਲੋਕਾਂ ਦਾ ਸਮਰਥਨ ਕਰਨ ਦੇ ਨਾਲ-ਨਾਲ ਸਮਾਜ ਨੂੰ ਲੰਬੇ ਸਮੇਂ ਦੇ ਬਦਲਾਅ ਲਈ ਤਿਆਰ ਹੋਣ ਵਿੱਚ ਮਦਦ ਕਰਨ।

ਲੋਕਾਂ ਨੂੰ ਨੌਕਰੀਆਂ ਦੀ ਭਾਲ ਦੌਰਾਨ ਸਹਾਇਤਾ, ਬੇਰੁਜ਼ਗਾਰੀ ਬੀਮੇ ਤੱਕ ਆਸਾਨ ਪਹੁੰਚ, ਵਿਸਤ੍ਰਿਤ ਤਨਖਾਹ ਨੁਕਸਾਨ ਬੀਮਾ, ਆਪਣੇ ਤਜ਼ਰਬੇ ਨੂੰ ਨਵੇਂ ਰੋਲਾਂ ਵਿੱਚ ਬਦਲਣ ਲਈ ਮਦਦ, ਅਤੇ ਤੇਜ਼ੀ ਨਾਲ ਵਧ ਰਹੇ ਖੇਤਰਾਂ ਵਿੱਚ ਜਾਣ ਦੇ ਮਾਰਗਾਂ ਦੀ ਲੋੜ ਹੋ ਸਕਦੀ ਹੈ। ਮੁੜ-ਸਿਖਲਾਈ ਇਸ ਦਾ ਕੁਝ ਹੱਦ ਤੱਕ ਹੱਲ ਹੋ ਸਕਦੀ ਹੈ, ਪਰ ਰਵਾਇਤੀ ਮੁੜ-ਸਿਖਲਾਈ ਪ੍ਰੋਗਰਾਮਾਂ ਦੇ ਨਤੀਜੇ ਰਲੇ-ਮਿਲੇ ਰਹੇ ਹਨ, ਅਤੇ ਇੱਕ AI ਪਰਿਵਰਤਨ ਏਜੰਡੇ ਨੂੰ ਵਧੇਰੇ ਵਿਆਪਕ ਬਣਾਉਣ ਦੀ ਲੋੜ ਹੋਵੇਗੀ। ਇਨ੍ਹਾਂ ਯਤਨਾਂ ਦਾ ਮੁਲਾਂਕਣ ਕੜਾਈ ਨਾਲ ਹੋਣਾ ਚਾਹੀਦਾ ਹੈ—ਇਸ ਗੱਲ ਨਾਲ ਮਾਪਿਆ ਜਾਣਾ ਚਾਹੀਦਾ ਹੈ ਕਿ ਕੀ ਇਹ ਲੋਕਾਂ ਦੇ ਆਰਥਿਕ ਜੀਵਨ ਵਿੱਚ ਬਿਹਤਰ ਕੰਮ, ਵਧੇਰੇ ਸਥਿਰਤਾ, ਵਿਆਪਕ ਸਮਰੱਥਾਵਾਂ ਅਤੇ ਹੋਰ ਅਸਲ ਵਿਕਲਪ ਲਿਆਉਂਦੇ ਹਨ।

ਟੀਚਾ ਕੇਵਲ ਮੁੜ-ਰੁਜ਼ਗਾਰ ਦੇਣ ਤੱਕ ਸੀਮਤ ਨਹੀਂ ਹੈ। ਸਾਡੀ ਦਿਲਚਸਪੀ ਅਜਿਹੇ ਤਰੀਕਿਆਂ ਵਿੱਚ ਵੀ ਹੈ ਜੋ ਕਾਮਿਆਂ ਨੂੰ AI ਦੀ ਡਿਪਲੌਏਮੈਂਟ ਉੱਤੇ ਕੰਟਰੋਲ ਪ੍ਰਦਾਨ ਕਰਨ ਅਤੇ ਨਾਗਰਿਕਾਂ ਨੂੰ ਆਰਥਿਕ ਤਬਦੀਲੀ ਦਾ ਰੂਪ ਦੇਣ ਵਾਲੀਆਂ ਸੰਸਥਾਵਾਂ ਵਿੱਚ ਸੁਝਾਅ ਦੇਣ ਦਾ ਅਧਿਕਾਰ ਦੇਣ। ਜਿਵੇਂ-ਜਿਵੇਂ ਕੰਮ ਬਦਲਦਾ ਹੈ, ਅਸੀਂ ਇਹ ਬਿਹਤਰ ਢੰਗ ਨਾਲ ਸਮਝਣਾ ਚਾਹੁੰਦੇ ਹਾਂ ਕਿ ਇਹ ਕਦੋਂ ਅਰਥ, ਉਦੇਸ਼ ਅਤੇ ਸੰਤੁਸ਼ਟੀ ਪ੍ਰਦਾਨ ਕਰਦਾ ਹੈ, ਅਤੇ ਹੋਰ ਲੋਕਾਂ ਨੂੰ ਉਨ੍ਹਾਂ ਸਥਿਤੀਆਂ ਤੱਕ ਪਹੁੰਚ ਕਿਵੇਂ ਮਿਲ ਸਕਦੀ ਹੈ। 

ਇਨ੍ਹਾਂ ਯਤਨਾਂ ਨੂੰ ਸੰਭਵ ਬਣਾਉਣ ਲਈ, ਅਸੀਂ ਸਰਕਾਰਾਂ ਅਤੇ ਜਨਤਕ ਸੰਸਥਾਵਾਂ ਦੀ ਅਸਲ ਵਿੱਚ ਨਤੀਜੇ ਦੇਣ ਦੀ ਸਮਰੱਥਾ ਵਿੱਚ ਵੀ ਨਿਵੇਸ਼ ਕਰਾਂਗੇ। ਸਭ ਤੋਂ ਵਧੀਆ ਢੰਗ ਨਾਲ ਡਿਜ਼ਾਈਨ ਕੀਤਾ ਗਿਆ ਪ੍ਰੋਗਰਾਮ ਵੀ ਅਸਫਲ ਹੋ ਜਾਂਦਾ ਹੈ, ਜੇ ਇਸਨੂੰ ਚਲਾਉਣ ਲਈ ਬੁਨਿਆਦੀ ਢਾਂਚਾ ਮੌਜੂਦ ਨਹੀਂ ਹੈ। AI ਖੁਦ ਦੁਨੀਆ ਭਰ ਵਿੱਚ ਸਰਕਾਰੀ ਸਮਰੱਥਾ ਅਤੇ ਜਨਤਕ ਸੇਵਾਵਾਂ ਨੂੰ ਤੇਜ਼ ਕਰਨ ਲਈ ਇੱਕ ਸ਼ਕਤੀਸ਼ਾਲੀ ਸਾਧਨ ਹੋ ਸਕਦਾ ਹੈ, ਅਤੇ ਅਸੀਂ ਇਸਨੂੰ ਹਕੀਕਤ ਬਣਾਉਣ ਲਈ ਉਤਸ਼ਾਹਪੂਰਨ ਯਤਨਾਂ ਨੂੰ ਫੰਡ ਦੇਵਾਂਗੇ।

ਅਸੀਂ ਖ਼ਾਸ ਤੌਰ 'ਤੇ AI ਨੂੰ ਉਹਨਾਂ ਲੋਕਾਂ ਲਈ ਚੰਗੀ ਤਰ੍ਹਾਂ ਕੰਮ ਕਰਨ ਯੋਗ ਬਣਾਉਣ ਵਿੱਚ ਦਿਲਚਸਪੀ ਰੱਖਦੇ ਹਾਂ, ਜਿਨ੍ਹਾਂ ਨੂੰ ਮੌਜੂਦਾ ਪ੍ਰਣਾਲੀਆਂ ਤੋਂ ਸਭ ਤੋਂ ਘੱਟ ਸਹਾਇਤਾ ਮਿਲਦੀ ਹੈ। AI, ਜੋ ਲੋਕਾਂ ਨੂੰ ਕਰੀਅਰ ਸੰਬੰਧੀ ਫ਼ੈਸਲੇ ਕਰਨ, ਕਾਨੂੰਨੀ ਅਤੇ ਵਿੱਤੀ ਸਵਾਲਾਂ ਨਾਲ ਨਜਿੱਠਣ, ਸਿਹਤ ਸੰਭਾਲ ਸੰਬੰਧੀ ਮਾਰਗਦਰਸ਼ਨ ਪ੍ਰਾਪਤ ਕਰਨ ਅਤੇ ਉਹ ਸਮੱਸਿਆਵਾਂ ਹੱਲ ਕਰਨ ਵਿੱਚ ਮਦਦ ਕਰਦੀ ਹੈ, ਜਿਨ੍ਹਾਂ ਲਈ ਪਹਿਲਾਂ ਦੁਰਲੱਭ ਮਾਹਰਤਾ ਦੀ ਲੋੜ ਹੁੰਦੀ ਸੀ, ਅਸਲ ਸਮਾਨਤਾ ਲਿਆਉਣ ਵਾਲਾ ਸਾਧਨ ਹੋ ਸਕਦਾ ਹੈ, ਖ਼ਾਸ ਕਰਕੇ ਦੁਨੀਆ ਦੇ ਉਹਨਾਂ ਹਿੱਸਿਆਂ ਵਿੱਚ ਜਿੱਥੇ ਇਹ ਸੇਵਾਵਾਂ ਘੱਟ ਜਾਂ ਬਿਲਕੁਲ ਮੌਜੂਦ ਨਹੀਂ ਹਨ।  ਪਰ ਇਹ ਸਿਰਫ਼ ਤਦੋਂ ਹੀ ਕਾਰਗਰ ਹੁੰਦਾ ਹੈ ਜੇਕਰ ਟੂਲ ਪਹੁੰਚਯੋਗ ਹੋਣ, ਸਾਵਧਾਨੀ ਨਾਲ ਡਿਪਲੌਏ ਕੀਤੇ ਗਏ ਹੋਣ, ਅਤੇ ਉਹਨਾਂ ਲੋਕਾਂ ਨਾਲ ਮਿਲ ਕੇ ਡਿਜ਼ਾਈਨ ਕੀਤੇ ਗਏ ਹੋਣ ਜੋ ਇਹਨਾਂ ਦੀ ਵਰਤੋਂ ਕਰਨਗੇ। ਵੱਖ-ਵੱਖ ਸੈਕਟਰਾਂ ਅਤੇ ਭੂਗੋਲਿਕ ਖੇਤਰਾਂ ਵਿੱਚ ਕੀ ਕਾਰਗਰ ਹੁੰਦਾ ਹੈ, ਇਹ ਵੱਖਰਾ ਹੋਵੇਗਾ। ਅਸੀਂ ਨਵੀਨਤਾਕਾਰੀ ਵਿਚਾਰਾਂ ਦਾ ਸਵਾਗਤ ਕਰਦੇ ਹਾਂ, ਅਤੇ ਵੱਖ-ਵੱਖ ਪਹੁੰਚਾਂ ਵਿੱਚ ਮਹੱਤਵਪੂਰਨ ਪੱਧਰ 'ਤੇ ਪਾਇਲਟ ਪ੍ਰੋਜੈਕਟਾਂ ਨੂੰ ਫੰਡ ਦੇਵਾਂਗੇ ਅਤੇ ਜੋ ਕੁਝ ਸਾਨੂੰ ਪਤਾ ਲੱਗੇਗਾ, ਉਸ ਤੋਂ ਸਿੱਖਾਂਗੇ। 

ਲੰਬੇ ਸਮੇਂ ਦੀ ਆਰਥਿਕ ਸੁਰੱਖਿਆ ਲਈ ਨਿਰਮਾਣ

AI ਵੱਲੋਂ ਲਿਆਂਦੇ ਜਾਣ ਵਾਲੇ ਬਦਲਾਅ ਦੀ ਗਤੀ ਅਤੇ ਪੈਮਾਨੇ ਬਾਰੇ ਵਿਆਪਕ ਅਸਹਿਮਤੀ ਹੈ। ਪਰ ਅਸੀਂ ਨਿਸ਼ਚਿਤਤਾ ਦੀ ਉਡੀਕ ਕਰਦਿਆਂ ਸਮਾਂ ਬਰਬਾਦ ਕਰਨ ਦੀ ਗੁੰਜਾਇਸ਼ ਨਹੀਂ ਰੱਖ ਸਕਦੇ। 

ਉਪਰੋਕਤ ਪਰਿਵਰਤਨ ਉਪਾਅ ਅਜਿਹੀਆਂ ਸਥਿਤੀਆਂ ਲਈ ਤਿਆਰ ਨਹੀਂ ਕੀਤੇ ਗਏ ਹਨ ਜਿੱਥੇ ਆਟੋਮੇਸ਼ਨ ਤੇਜ਼ ਹੁੰਦੀ ਹੈ, ਆਰਥਿਕ ਲਾਭ ਨਾਟਕੀ ਢੰਗ ਨਾਲ ਕੇਂਦ੍ਰਿਤ ਹੁੰਦੇ ਹਨ, ਜਾਂ ਤਨਖਾਹਾਂ ਰਾਹੀਂ ਆਉਣ ਵਾਲੀ ਆਮਦਨ ਦੇ ਹਿੱਸੇ ਵਿੱਚ ਵੱਡਾ ਬਦਲਾਅ ਆਉਂਦਾ ਹੈ। ਅਜਿਹੇ ਹਾਲਾਤਾਂ ਵਿੱਚ, ਸਮਾਜ ਨੂੰ ਸੰਭਾਵਿਤ ਤੌਰ 'ਤੇ ਅਜਿਹੇ ਨਵੇਂ ਤਰੀਕਿਆਂ ਦੀ ਲੋੜ ਹੋਵੇਗੀ ਜੋ ਲੋਕਾਂ ਨੂੰ ਮਹੱਤਵ ਪੈਦਾ ਕਰਨ ਵਾਲੀਆਂ ਪ੍ਰਣਾਲੀਆਂ ਵਿੱਚ ਇੱਕ ਸਥਾਈ ਹਿੱਸੇਦਾਰੀ ਪ੍ਰਦਾਨ ਕਰਨ। ਅਸੀਂ ਉਮੀਦ ਭਰਪੂਰ ਤਰੀਕਿਆਂ ਨੂੰ ਸਿਰਫ਼ ਵਿਚਾਰਾਂ ਤੱਕ ਸੀਮਤ ਨਾ ਰੱਖ ਕੇ ਉਨ੍ਹਾਂ ਨੂੰ ਪਰਖਣਯੋਗ ਡਿਜ਼ਾਈਨਾਂ ਵਿੱਚ ਬਦਲਣ ਲਈ ਮਦਦ ਕਰਨਾ ਚਾਹੁੰਦੇ ਹਾਂ: ਇਹ ਸਪਸ਼ਟ ਕਰਦੇ ਹੋਏ ਕਿ ਉਨ੍ਹਾਂ ਦਾ ਵਿੱਤ ਪੋਸ਼ਣ ਕਿਵੇਂ ਕੀਤਾ ਜਾਵੇਗਾ, ਕਿਹੜੀਆਂ ਸੰਸਥਾਵਾਂ ਉਨ੍ਹਾਂ ਦਾ ਸੰਚਾਲਨ ਕਰਨਗੀਆਂ, ਉਨ੍ਹਾਂ ਨਾਲ ਕਿਹੜੇ ਜੋਖਮ ਪੈਦਾ ਹੋ ਸਕਦੇ ਹਨ, ਅਤੇ ਕਿਹੜੇ ਸਬੂਤ ਸਾਨੂੰ ਇਹ ਦੱਸਣਗੇ ਕਿ ਉਹ ਪ੍ਰਭਾਵਸ਼ਾਲੀ ਢੰਗ ਨਾਲ ਕੰਮ ਕਰ ਰਹੇ ਹਨ ਜਾਂ ਨਹੀਂ। 

ਮਾਲੀਏ ਦੇ ਪੱਖ ਤੋਂ, ਅਜਿਹੇ ਗੰਭੀਰ ਪ੍ਰਸਤਾਵ ਹਨ ਜੋ ਅਧਿਐਨ ਕਰਨ ਅਤੇ ਪਾਇਲਟ ਪ੍ਰੋਜੈਕਟਾਂ ਰਾਹੀਂ ਪਰਖਣ ਯੋਗ ਹਨ: ਜਿਵੇਂ ਕਿ ਟੈਕਸ ਪ੍ਰਣਾਲੀ ਨੂੰ ਕਿਰਤ ਦੀ ਬਜਾਏ ਪੂੰਜੀ ਅਤੇ ਆਰਥਿਕ ਰੈਂਟਸ ਵੱਲ ਤਬਦੀਲ ਕਰਨਾ, ਅਚਾਨਕ ਹੋਣ ਵਾਲਾ ਵੱਡਾ ਮੁਨਾਫਾ ਜਾਂ ਵਾਧੂ-ਰਿਟਰਨ ਵਿਧੀ , ਅਤੇ ਨਾਰਵੇ ਦੇ ਗਵਰਨਮੈਂਟ ਪੈਨਸ਼ਨ ਫੰਡ ਅਤੇ ਅਲਾਸਕਾ ਦੇ ਪਰਮਾਨੈਂਟ ਫੰਡ ਵਰਗੇ ਮਾਡਲਾਂ 'ਤੇ ਆਧਾਰਿਤ ਜਨਤਕ ਜਾਂ ਪ੍ਰਭੂਸੱਤਾ ਸੰਪੰਨ ਵੈਲਥ ਫੰਡਾ ਦੇ ਤਰੀਕੇ। ਡੂੰਘੀ ਅਨਿਸ਼ਚਿਤਤਾ ਦੇ ਦੌਰ ਵਿੱਚ, ਵਿੱਤੀ ਕਾਰਜ-ਵਿਧੀਆਂ ਦਾ ਅਨੁਕੂਲ ਹੋਣਾ ਜ਼ਰੂਰੀ ਹੋ ਸਕਦਾ ਹੈ। ਟੈਕਸ ਦੀਆਂ ਦਰਾਂ, ਯੋਗਦਾਨ ਦੇ ਨਿਯਮ, ਜਾਂ ਲਾਭਅੰਸ਼ ਦੇ ਫਾਰਮੂਲੇ ਦੇਖਣਯੋਗ ਸੰਕੇਤਕਾਂ ਦੇ ਆਧਾਰ 'ਤੇ ਤੈਅ ਕੀਤੇ ਜਾ ਸਕਦੇ ਹਨ, ਜਿਵੇਂ ਕਿ ਲਾਭਾਂ ਦਾ ਕੇਂਦਰੀਕਰਨ, ਕਿਰਤ ਦੇ ਹਿੱਸੇ ਵਿੱਚ ਬਦਲਾਅ, ਵਿਸਥਾਪਨ, ਜਾਂ ਅਸਧਾਰਨ ਰਿਟਰਨ।

ਵੰਡ ਦੇ ਪੱਖ ਤੋਂ, ਸਵਾਲ ਓਨੇ ਹੀ ਮਹੱਤਵਪੂਰਨ ਹਨ: ਆਮਦਨ, ਪੂੰਜੀ, ਜਨਤਕ ਵਸਤੂਆਂ, ਜ਼ਰੂਰੀ ਸੇਵਾਵਾਂ, ਨੌਕਰੀਆਂ ਜਾਂ ਜਨਤਕ ਕਾਰਜ ਪ੍ਰੋਗਰਾਮਾਂ, ਕੰਪਿਊਟ ਤੱਕ ਪਹੁੰਚ, ਜਾਂ ਡਾਟਾ ਗਵਰਨੈਂਸ ਦੇ ਨਵੇਂ ਰੂਪਾਂ ਰਾਹੀਂ ਲੋਕਾਂ ਨੂੰ ਵਿਸ਼ਾਲ ਆਰਥਿਕ ਵਿਕਾਸ ਵਿੱਚ ਟਿਕਾਊ ਹੱਕ ਕਿਵੇਂ ਦਿੱਤੇ ਜਾਣ। ਉਦੇਸ਼ ਸਿਰਫ਼ ਇਹ ਨਹੀਂ ਕਿ ਫ਼ੈਸਲੇ ਹੋਣ ਤੋਂ ਬਾਅਦ ਆਰਥਿਕ ਬਦਲਾਅ ਦੌਰਾਨ ਲੋਕਾਂ ਦੀ ਸਹਾਇਤਾ ਕੀਤੀ ਜਾਵੇ, ਸਗੋਂ ਉਨ੍ਹਾਂ ਨੂੰ ਇਸ ਬਦਲਾਅ ਨੂੰ ਕਿਵੇਂ ਅੱਗੇ ਵਧਾਇਆ ਜਾਵੇ, ਇਸ ਵਿੱਚ ਹਿੱਸੇਦਾਰੀ ਅਤੇ ਆਵਾਜ਼ ਦਿੱਤੀ ਜਾਵੇ। 

ਅੱਗੇ ਦਾ ਬਹੁਤ ਸਾਰਾ ਕੰਮ ਸਿਰਫ਼ ਅਨੁਭਵ-ਆਧਾਰਿਤ ਹੀ ਨਹੀਂ, ਸਗੋਂ ਸੰਰਚਨਾਤਮਕ ਵੀ ਹੈ, ਅਤੇ ਇਸ ਲਈ ਉਹਨਾਂ ਪ੍ਰਣਾਲੀਆਂ ਦੀ ਕਲਪਨਾ ਕਰਨ ਦੀ ਲੋੜ ਪਵੇਗੀ ਜੋ ਹਾਲੇ ਮੌਜੂਦ ਨਹੀਂ ਹਨ। ਅਸੀਂ ਉਸ ਖੋਜ ਬੁਨਿਆਦੀ ਢਾਂਚੇ ਦਾ ਸਮਰਥਨ ਕਰਾਂਗੇ ਜੋ ਇਸ ਪੂਰੇ ਕੰਮ ਦੌਰਾਨ ਫ਼ੈਸਲਾ-ਲੈਣ ਲਈ ਜਾਣਕਾਰੀ ਪ੍ਰਦਾਨ ਕਰ ਸਕੇ। ਸਾਡੀ ਵਿਸ਼ੇਸ਼ ਦਿਲਚਸਪੀ ਅਜਿਹੇ ਮਲਟੀ-ਏਜੰਟ ਆਰਥਿਕ ਸਿਮੂਲੇਸ਼ਨਾਂ ਵਿੱਚ ਹੈ ਜੋ ਇਹ ਮਾਡਲ ਤਿਆਰ ਕਰਨ ਲਈ AI ਦੀ ਵਰਤੋਂ ਕਰਦੇ ਹਨ ਕਿ ਤਕਨੀਕੀ ਸਮਰੱਥਾਵਾਂ ਵਧਣ ਨਾਲ ਅਰਥਵਿਵਸਥਾਵਾਂ ਕਿਵੇਂ ਬਦਲ ਸਕਦੀਆਂ ਹਨ, ਅਤੇ ਇਸ ਦੇ ਨਾਲ ਹੀ ਕਈ ਤਰ੍ਹਾਂ ਦੇ ਸੰਭਾਵਿਤ ਭਵਿੱਖਾਂ ਲਈ ਸੀਨਾਰੀਓ ਪਲੈਨਿੰਗ ਕੀਤੀ ਜਾ ਸਕੇ।

ਸਿੱਟਾ

ਅਸੀਂ ਅਜਿਹੇ ਉਤਸ਼ਾਹਪੂਰਨ ਕੰਮ ਦੀ ਤਲਾਸ਼ ਕਰ ਰਹੇ ਹਾਂ ਜੋ ਰੂਪਾਂਤਰਕਾਰੀ ਤਬਦੀਲੀ ਦੇ ਪੱਧਰ ਨਾਲ ਮੇਲ ਖਾਂਦਾ ਹੋਵੇ, ਜਿਸ ਵਿੱਚ ਉਹ ਵਿਚਾਰ ਵੀ ਸ਼ਾਮਲ ਹਨ ਜਿਨ੍ਹਾਂ ਬਾਰੇ ਅਸੀਂ ਹਾਲੇ ਸੋਚਿਆ ਨਹੀਂ ਹੈ ਅਤੇ ਉਹ ਕੰਮ ਵੀ ਜਿਸ ਨੂੰ ਵਧਾਉਣ ਵਿੱਚ ਅਸੀਂ ਮਦਦ ਕਰ ਸਕਦੇ ਹਾਂ। ਅਸੀਂ ਇਸ ਬਾਰੇ ਸੁਝਾਵਾਂ ਦਾ ਸਵਾਗਤ ਕਰਦੇ ਹਾਂ ਕਿ ਸਭ ਤੋਂ ਵੱਧ ਕੀ ਲੋੜੀਂਦਾ ਹੈ।

$250M ਦੀ ਰਕਮ ਗ੍ਰਾਂਟਾਂ, ਖੁੱਲ੍ਹੇ ਸੱਦਿਆਂ ਅਤੇ ਸੰਸਥਾਗਤ ਭਾਈਵਾਲੀਆਂ ਰਾਹੀਂ ਬਾਹਰੀ ਸੰਸਥਾਵਾਂ ਨੂੰ ਸਹਾਇਤਾ ਪ੍ਰਦਾਨ ਕਰੇਗੀ, ਜਦੋਂ ਕਿ ਫਾਊਂਡੇਸ਼ਨ ਇਸ ਕੰਮ ਨੂੰ ਸਿੱਧੇ ਤੌਰ 'ਤੇ ਅੱਗੇ ਵਧਾਉਣ ਲਈ ਇੱਕ ਟੀਮ ਤਿਆਰ ਕਰੇਗੀ ਅਤੇ ਇਸ ਖੇਤਰ ਵਿੱਚ ਵੱਡੇ ਪੱਧਰ ਦੇ ਨਵੇਂ ਪ੍ਰੋਜੈਕਟਾਂ ਨੂੰ ਸ਼ੁਰੂ ਕਰਨ ਵਿੱਚ ਮਦਦ ਕਰੇਗੀ। ਸਾਨੂੰ ਉਮੀਦ ਹੈ ਕਿ ਅਸੀਂ ਇਸੇ ਸਾਲ ਦੇ ਅਖੀਰ ਵਿੱਚ ਆਪਣੀਆਂ ਪਹਿਲੀਆਂ ਪਹਿਲਕਦਮੀਆਂ ਦੀ ਘੋਸ਼ਣਾ ਕਰਾਂਗੇ, ਅਤੇ ਅਸੀਂ ਇਸ ਸਫ਼ਰ ਦੌਰਾਨ ਜੋ ਵੀ ਸਿੱਖਾਂਗੇ, ਉਸਨੂੰ ਸਾਂਝਾ ਕਰਦੇ ਰਹਾਂਗੇ। ਅਸੀਂ ਇਹ ਸਮਝਣਾ ਚਾਹੁੰਦੇ ਹਾਂ ਕਿ ਕਿਹੜੇ ਤਰੀਕੇ ਅਸਲ ਵਿੱਚ ਕੰਮ ਕਰਦੇ ਹਨ, ਅਤੇ ਇੱਕ ਅਜਿਹੇ ਸੁਤੰਤਰ ਅਤੇ ਚੰਗੇ ਸਰੋਤਾਂ ਵਾਲੇ ਈਕੋਸਿਸਟਮ ਨੂੰ ਮਜ਼ਬੂਤ ਕਰਨਾ ਚਾਹੁੰਦੇ ਹਾਂ ਜੋ ਆਰਥਿਕ ਸੁਰੱਖਿਆ ਦੇ ਵਿਕਲਪਾਂ ਨੂੰ ਤੁਰੰਤ ਲੋੜ ਬਣਨ ਤੋਂ ਪਹਿਲਾਂ ਹੀ ਹਕੀਕਤ ਵਿੱਚ ਬਦਲ ਸਕੇ।  

ਅਸੀਂ ਇੱਕ ਅਜਿਹੇ ਪੜਾਅ ਦੀ ਸ਼ੁਰੂਆਤ 'ਤੇ ਖੜ੍ਹੇ ਹਾਂ, ਜੋ ਸੰਭਵਤ: ਕਈ ਪੀੜ੍ਹੀਆਂ ਵਿੱਚ ਸਭ ਤੋਂ ਮਹੱਤਵਪੂਰਨ ਆਰਥਿਕ ਬਦਲਾਅ ਸਾਬਤ ਹੋਵੇਗਾ। ਅਸੀਂ ਮੰਨਦੇ ਹਾਂ ਕਿ ਇਸ ਬਦਲਾਅ ਨੂੰ ਸਾਰੀ ਮਨੁੱਖਤਾ ਲਈ ਲਾਭਦਾਇਕ ਬਣਾਉਣ ਦਾ ਕੰਮ ਉਹਨਾਂ ਸਭ ਤੋਂ ਮਹੱਤਵਪੂਰਨ ਕੰਮਾਂ ਵਿੱਚੋਂ ਇੱਕ ਹੈ ਜੋ ਫਾਊਂਡੇਸ਼ਨ ਇਸ ਵੇਲੇ ਕਰ ਸਕਦੀ ਹੈ, ਅਤੇ ਅਸੀਂ ਇਸ ਨੂੰ ਉਸੇ ਗੰਭੀਰਤਾ ਨਾਲ ਲੈਣ ਦਾ ਇਰਾਦਾ ਰੱਖਦੇ ਹਾਂ।

  • Acknowledgements: Edede Oiwoh, Shantanu Jain